Sunday, 13 October 2013

ਆਪਣੀ ਫਾਈਲ ਜਾਂ ਫੋਲਡਰ ਨੂੰ ਲਗਾਓ ਸੁਰੱਖਿਅਤ ਤਾਲਾ (2)


ਜਦੋਂ ਇੱਕ ਤੋਂ ਵੱਧ ਵਿਅਕਤੀ ਇੱਕ ਹੀ ਕੰਪਿਊਟਰ ਨੂੰ ਵਰਤ ਰਹੇ ਹੋਣ ਤਾਂ ਸਭ ਤੋਂ ਵੱਡੀ ਸਮੱਸਿਆ ਡਾਟੇ ਦੀ ਸੁਰੱਖਿਆ ਅਤੇ ਪ੍ਰਾਈਵੇਸੀ (ਨਿੱਜਤਵ) ਨੂੰ ਲੈ ਕੇ ਸਾਹਮਣੇ ਆਉਂਦੀ ਹੈ। ਸਾਂਝੇ ਕੰਪਿਊਟਰ ਦੀ ਵਰਤੋਂ ਕਰਨ ਵਾਲਾ ਇੱਕ ਸਮਝਦਾਰ ਵਰਤੋਂਕਾਰ ਆਪਣੀ ਫਾਈਲ ਜਾਂ ਫੋਲਡਰ ਨੂੰ ਦੂਸਰੇ ਦੀ ਪਹੁੰਚ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਦਾ ਹੈ। ਅਜਿਹੀ ਸਥਿਤੀ ਵਿਚ ਅਸੀਂ ਆਪਣੀ ਫਾਈਲ/ਫੋਲਡਰ ਨੂੰ ਤਾਲਾ ਲਗਾ ਕੇ ਸੁਰੱਖਿਅਤ ਰੱਖ ਸਕਦੇ ਹਾਂ। ਅੱਜ ਅਸੀਂ ਤਾਲਾ ਲਗਾਉਣ ਦੇ ਤਿੰਨ ਵੱਖ-ਵੱਖ ਨੁਸਖ਼ੇ ਜਾਣਾਂਗੇ। ਸਭ ਤੋਂ ਪਹਿਲਾਂ ਸਾਫ਼ਟਵੇਅਰ ਤੋਂ ਬਿਨਾਂ ਆਪਣੀ ਫਾਈਲ ਜਾਂ ਫੋਲਡਰ ਨੂੰ ਸੁਰੱਖਿਅਤ ਰੱਖਣ ਦਾ ਨੁਸਖ਼ਾ ਜਾਣਦੇ ਹਾਂ। ਇਸ ਨੁਸਖ਼ੇ ਰਾਹੀਂ ਅਸੀਂ ਆਪਣੀ ਫਾਈਲ/ਫੋਲਡਰ ਨੂੰ ਪੱਕੇ ਤੌਰ ‘ਤੇ ਆਪਣੇ ਅਧਿਕਾਰ ਵਿਚ ਲੈ ਲੈਂਦੇ ਹਾਂ। ਇਹ ਨੁਸਖ਼ਾ ਸਿਰਫ਼ ਉਦੋਂ ਹੀ ਕਾਰਗਰ ਸਾਬਤ ਹੁੰਦਾ ਹੈ ਜਦੋਂ ਅਸੀਂ ਆਪਣੇ ਕੰਪਿਊਟਰ ਦੀਆਂ ਐਡਮਿਨ ਪਾਵਰ (ਪ੍ਰਬੰਧਕੀ ਸ਼ਕਤੀਆਂ) ਆਪਣੇ ਕੋਲ ਰੱਖਦੇ ਹਾਂ ਅਰਥਾਤ ਕੰਪਿਊਟਰ ਦੀਆਂ ਸੈਟਿੰਗਜ਼ ਕਰਨ ਦਾ ਅਧਿਕਾਰ ਸਿਰਫ਼ ਸਾਡੇ ਕੋਲ ਹੀ ਹੁੰਦਾ ਹੈ। ਇਹ ਵਿਧੀ ਅਪਣਾਉਣ ਲਈ ਸਭ ਤੋਂ ਪਹਿਲਾਂ ਫਾਈਲ/ਫੋਲਡਰ ਉੱਤੇ ਮਾਊਸ ਦਾ ਸੱਜਾ ਬਟਨ ਕਲਿੱਕ ਕਰੋ। ਹੁਣ ਪ੍ਰਾਪਰਟੀਜ਼ (Properties) ‘ਤੇ ਜਾਓ। ਸਿਖਰ ‘ਤੇ ਨਜ਼ਰ ਆਉਣ ਵਾਲੇ ਸਕਿਉਰਿਟੀ (Security) ਬਟਨ (ਟੈਬ) ਉੱਤੇ ਕਲਿੱਕ ਕਰ ਦਿਓ। ਹੁਣ ਹੇਠਾਂ ਸੱਜੇ ਹੱਥ ਐਡਿਟ (Edit) ਬਟਨ ਉੱਤੇ ਕਲਿੱਕ ਕਰੋ। ਇੱਕ ਨਵਾਂ ਬਕਸਾ ਖੁੱਲ੍ਹੇਗਾ। ਇਸ ਬਕਸੇ ਦੇ ‘ਗਰੁੱਪ ਔਰ ਯੂਜ਼ਰ ਨੇਮ’ ਵਾਲੇ ਖੇਤਰ ਤੋਂ ਐਡਮਨੀਸਟਰੇਟਰ (Administrators) ਵਿਕਲਪ ਚੁਣੋ। ਹੁਣ ਇਸ ਦੇ ਹੇਠਾਂ ਸੱਜੇ ਹੱਥ ਸ਼ਬਦ 'ਡਿਨੇ' (Deny) ਲਿਖਿਆ ਨਜ਼ਰ ਆਵੇਗਾ। ਡਿਨੇ ਦੇ ਹੇਠਲੇ ਛੋਟੇ ਬਕਸਿਆਂ (ਚੈੱਕ ਬਕਸਿਆਂ) ਨੂੰ ਇੱਕ-ਇੱਕ ਕਰਕੇ ਕਲਿੱਕ ਕਰਦੇ ਜਾਓ ਤੇ ਫਿਰ ਅਪਲਾਈ ਅਤੇ ਯੈਸ (Yes) 'ਤੇ ਕਲਿੱਕ ਕਰ ਦਿਓ। ਫਿਰ ਓ. ਕੇ. ‘ਤੇ ਕਲਿੱਕ ਕਰੋ। ਪੁਰਾਣੇ ਬਕਸੇ ਤੋਂ ਫਿਰ ਓ. ਕੇ. ਵਿਕਲਪ ਲਓ। ਹੁਣ ਜਦੋਂ ਦੂਸਰਾ ਵਰਤੋਂਕਾਰ ਤੁਹਾਡੀ ਫਾਈਲ/ਫੋਲਡਰ ਨੂੰ ਖੋਲ੍ਹਣ ਦਾ ਯਤਨ ਕਰੇਗਾ ਤਾਂ ਕੰਪਿਊਟਰ ਉਸ ਨੂੰ ਸੰਦੇਸ਼ ਦੇਵੇਗਾ ਕਿ "ਇਸ ਫਾਈਲ/ਫੋਲਡਰ ਨੂੰ ਖੋਲ੍ਹਣ ਲਈ ਤੁਹਾਨੂੰ ਆਗਿਆ ਨਹੀਂ ਹੈ।" ਹੁਣ ਜੇਕਰ ਤੁਸੀਂ ਇਸ ਫਾਈਲ/ਫੋਲਡਰ ਤੋਂ ਇਹ ਰੋਕ ਹਟਾਉਣਾ ਚਾਹੁੰਦੇ ਹੋ ਤਾਂ ਉਪਰੋਕਤ ਪ੍ਰਕਿਰਿਆ ਦੁਹਰਾਈ ਜਾ ਸਕਦੀ ਹੈ। ਇਸ ਮੰਤਵ ਲਈ ਐਡਮਨੀਸਟਰੇਟਰ ਵਿਕਲਪ ਚੁਣਨ ਮਗਰੋਂ ਡਿਨੇ ਦੇ ਉੱਪਰਲੇ ਬਟਨ ਰਿਮੂਵ (Remove) ‘ਤੇ ਕਲਿੱਕ ਕੀਤਾ ਜਾਂਦਾ ਹੈ। ਫਿਰ ਅਪਲਾਈ ਅਤੇ ਓ.ਕੇ. (ਫਿਰ ਓ.ਕੇ.) ‘ਤੇ ਕਲਿੱਕ ਕਰਕੇ ਬਾਹਰ ਆ ਜਾਓ। ਇਹ ਤਰੀਕਾ ਸਿਰਫ਼ ਉਦੋਂ ਹੀ ਕਾਮਯਾਬ ਹੈ ਜਦੋਂ ਤੁਹਾਡੇ ਕੋਲ ਪ੍ਰਬੰਧਕ (Administrators) ਦੀਆਂ ਸਾਰੀਆਂ ਸ਼ਕਤੀਆਂ ਹਨ ਤੇ ਦੂਸਰੇ ਵਰਤੋਂਕਾਰ ਕਿਸੇ ਹੋਰ ਅਕਾਊਂਟ ਤੇ ਲਾਗਇਨ ਕਰ ਰਹੇ ਹਨ।ਕੰਪਿਊਟਰ ਨੂੰ ਤਾਲਾ ਲਗਾਉਣ ਦਾ ਦੂਸਰਾ ਤਰੀਕਾ ਹੈ - ਬੈਚ ਫਾਈਲ ਦੀ ਵਰਤੋਂ। ਬੈਚ ਫਾਈਲ ਡਾਸ ਦੀਆਂ ਵਿਭਿੰਨ ਕਮਾਂਡਾਂ ਦਾ ਇੱਕ ਸਮੂਹ ਹੁੰਦਾ ਹੈ। ਬੈਚ ਫਾਈਲ ਰਾਹੀਂ ਡਾਸ ਕਮਾਂਡਾਂ ਨੂੰ ਕ੍ਰਮਵਾਰ ਇਕੱਠਿਆਂ ਹੀ ਚਲਾਇਆ ਜਾ ਸਕਦਾ ਹੈ। ਹੁਣ ਅਸੀਂ ਨੋਟ ਪੈਡ ਵਿਚ ਕਮਾਂਡਾਂ ਲਿਖ ਕੇ ਆਪਣੀ ਫਾਈਲ/ਫੋਲਡਰ ਨੂੰ ਪਾਸਵਰਡ (ਤਾਲਾ) ਲਗਾਉਣ ਦਾ ਤਰੀਕਾ ਸਿੱਖਾਂਗੇ। ਸਭ ਤੋਂ ਪਹਿਲਾਂ ਇੱਕ ਨੋਟ ਪੈਡ ਦੀ ਫਾਈਲ ਖੋਲ੍ਹੋ। ਹੁਣ ਵੈੱਬਸਾਈਟ punjabicomputer.com ਖੋਲ੍ਹੋ ਤੇ ਉਸ ਦੇ ਕੰਪਿਊਟਰੀ ਨੁਸਖ਼ੇ ਵਾਲੇ ਪੰਨੇ ‘ਤੇ ਜਾਹ ਕੇ ਡਾਸ ਪ੍ਰੋਗਰਾਮਿੰਗ ਦਾ ਕੋਡ ਕਾਪੀ ਕਰਕੇ ਆਪਣੀ ਨੋਟ ਪੈਡ ਦੀ ਫਾਈਲ ਵਿਚ ਪੇਸਟ ਕਰੋ। ਹੁਣ ਇਸ ਕੋਡ ਵਿਚ ਸ਼ਬਦ punjabi ਨੂੰ ਲੱਭੋ। ਇਸ ਸ਼ਬਦ ਨੂੰ ਹਟਾ ਕੇ ਆਪਣਾ ਪਾਸਵਰਡ ਲਿਖੋ। ਮੰਨ ਲਓ ਤੁਸੀਂ ਆਪਣੇ ਨਾਂ 'ਤੇ ਪਾਸਵਰਡ ਲਗਾਉਣਾ ਚਾਹੁੰਦੇ ਹੋ ਤਾਂ punjabi ਦੀ ਥਾਂ 'ਤੇ ਆਪਣਾ ਨਾਂ (ਜਿਵੇਂ ਕਿ abc ਆਦਿ) ਰੱਖ ਲਓ। ਫਾਈਲ ਨੂੰ ਸੇਵ ਕਰ ਦਿਓ। ਪਾਸਵਰਡ ਨੂੰ ਯਾਦ ਰੱਖ ਲਓ। ਇਸ ਫਾਈਲ ਨੂੰ ਫਾਈਲ ਮੀਨੂ ਦੀ ਮਦਦ ਨਾਲ ਸੇਵ ਐਜ਼ ਕਰੋ ਤੇ ਇਸ ਦਾ ਨਾਂ locker.bat ਰੱਖ ਦਿਓ। ਅਸੀਂ ਦੇਖਾਂਗੇ ਕਿ ਨੋਟ ਪੈਡ ਦੇ ਫਾਈਲ (New Text Document) ਵਾਲੀ ਥਾਂ 'ਤੇ ਇੱਕ locker ਨਾਂ ਦੀ ਨਵੀਂ ਫਾਈਲ ਬਣ ਜਾਵੇਗੀ। ਇਸ ਫਾਈਲ 'ਤੇ ਪਹਿਲੀ ਵਾਰ ਕਲਿੱਕ ਕਰਨ ਉਪਰੰਤ ਇੱਕ ਪ੍ਰਾਈਵੇਟ (Private) ਨਾਂ ਦਾ ਫੋਲਡਰ ਬਣੇਗਾ। ਆਪਣੀਆਂ ਜ਼ਰੂਰੀ ਫਾਈਲਾਂ/ਫੋਲਡਰਾਂ ਨੂੰ ਇਸ ਫੋਲਡਰ ਵਿਚ ਪਾ ਦਿਓ। ਹੁਣ locker ਵਾਲੀ ਫਾਈਲ ਨੂੰ ਖੋਲ੍ਹੋ। ਕੰਪਿਊਟਰ ਤੁਹਾਨੂੰ ਲੋਕ ਕਰਨ ਬਾਰੇ ਸੁਆਲ ਪੁੱਛੇਗਾ। ਇੱਥੇ ਵਾਈ (Y) ਟਾਈਪ ਕਰ ਦਿਓ। ਵਾਈ ਪ੍ਰੈੱਸ ਕਰਨ ਉਪਰੰਤ ਤੁਹਾਡਾ ਪ੍ਰਾਈਵੇਟ (Private) ਫੋਲਡਰ ਗ਼ਾਇਬ ਹੋ ਜਾਵੇਗਾ। ਜੇਕਰ ਤੁਸੀਂ ਲੌਕ ਕੀਤਾ ਡਾਟਾ (ਫਾਈਲ/ਫੋਲਡਰ) ਦੁਬਾਰਾ ਵੇਖਣਾ ਚਾਹੁੰਦੇ ਹੋ ਤਾਂ ਲੌਕਰ ਵਾਲੀ ਫਾਈਲ 'ਤੇ ਡਬਲ ਕਲਿੱਕ ਕਰੋ। ਕੰਪਿਊਟਰ ਤੁਹਾਨੂੰ ਪਾਸਵਰਡ ਪੁੱਛੇਗਾ। ਆਪਣਾ ਪਾਸਵਰਡ punjabi (ਜਾਂ ਜੋ ਵੀ ਰੱਖਿਆ ਹੈ) ਟਾਈਪ ਕਰਕੇ ਐਂਟਰ ਬਟਨ ਦੱਬੋ। ਤੁਹਾਨੂੰ ਪ੍ਰਾਈਵੇਟ ਨਾਂ ਦਾ ਫੋਲਡਰ ਵਾਪਿਸ ਮਿਲ ਜਾਵੇਗਾ।ਕੰਪਿਊਟਰ ਸਾਫ਼ਟਵੇਅਰ ਦੀ ਵਰਤੋਂ ਰਾਹੀਂ ਵੀ ਅਸੀਂ ਆਪਣੀ ਫਾਈਲ/ਫੋਲਡਰ ਨੂੰ ਪਾਸਵਰਡ ਜਾਂ ਲੋਕ ਲਗਾ ਸਕਦੇ ਹਾਂ। ਇਸ ਕੰਮ ਲਈ ਸਭ ਤੋਂ ਪਹਿਲਾਂ ਆਪਣੇ ਕੰਪਿਊਟਰ ਨੂੰ ਇੰਟਰਨੈੱਟ ਨਾਲ ਜੋੜੋ। ਗੂਗਲ ਸਰਚ ਇੰਜਨ ਨੂੰ ਖੋਲ੍ਹ ਕੇ ਉਸ ਵਿਚ cnet folder lock ਭਰ ਕੇ ਐਂਟਰ ਦਬਾ ਦਿਓ। ਹੁਣ ਸੂਚੀ ਵਿਚ  ਨਜ਼ਰ ਆਉਣ ਵਾਲੀ ਸਭ ਤੋਂ ਪਹਿਲੀ ਵੈੱਬਸਾਈਟ ਨੂੰ ਖੋਲ੍ਹ ਲਵੋ। ਇਸ ਵੈੱਬ ਪੰਨੇ ਦੇ ਸਿਖਰ 'ਤੇ ਡਾਊਨਲੋਡ ਨਾਓ (Download Now) ਨਾਂ ਦੇ ਬਟਨ 'ਤੇ ਕਲਿੱਕ ਕਰ ਦਿਓ। ਕੁੱਝ ਹੀ ਦੇਰ ਵਿਚ ਫੋਲਡਰ ਨੂੰ ਲੋਕ ਕਰਨ ਵਾਲਾ ਪ੍ਰੋਗਰਾਮ ਡਾਊਨਲੋਡ ਹੋ ਜਾਵੇਗਾ। ਆਪਣੇ ਕੰਪਿਊਟਰ ਦੇ 'ਡਾਊਨਲੋਡ' ਫੋਲਡਰ ਵਿਚ ਜਾਹ ਕੇ 9.2 ਐਮ.ਬੀ. ਆਕਾਰ ਦੀ ਫਾਈਲ (folder-lock …) ਨੂੰ ਲੱਭੋ। ਇਸ 'ਤੇ ਡਬਲ ਕਲਿੱਕ ਕਰਕੇ ਰਨ ਵਿਕਲਪ ਚੁਣੋ। ਇੰਸਟਾਲ ਹੋਣ ਦੀ ਪ੍ਰਕਿਰਿਆ ਅਰੰਭ ਹੋਵੇਗੀ। ਢੁਕਵੇਂ ਆਦੇਸ਼ਾਂ ਦੀ ਪਾਲਨਾ ਕਰਦੇ ਹੋਏ ਪ੍ਰੋਗਰਾਮ ਇੰਸਟਾਲ ਕਰ ਲਓ। ਕੁੱਝ ਦੇਰ ਬਾਅਦ ਤੁਹਾਡੇ ਡੈਸਕਟਾਪ 'ਤੇ ਫੋਲਡਰ ਲੌਕ ਨਾਂ ਦਾ ਸ਼ਾਰਟਕੱਟ ਨਜ਼ਰ ਆਵੇਗਾ। ਇਹ ਪ੍ਰੋਗਰਾਮ ਸਭ ਤੋਂ ਪਹਿਲਾਂ ਤੁਹਾਨੂੰ ਮਾਸਟਰ ਪਾਸਵਰਡ ਸੈੱਟ ਕਰਨ ਲਈ ਪੁੱਛੇਗਾ। ਪਾਸਵਰਡ ਭਰ ਕੇ ਐਂਟਰ ਦਬਾ ਦਿਓ। ਇਸ ਪ੍ਰੋਗਰਾਮ ਵਿਚ ਤੁਸੀਂ ਕੋਈ ਵੀ ਫਾਈਲ ਜਾਂ ਫੋਲਡਰ ਡਰੈਗ ਕਰਕੇ ਸੁਰੱਖਿਅਤ ਰੱਖ ਸਕਦੇ ਹੋ। ਸੁਰੱਖਿਅਤ ਰੱਖੇ ਡਾਟੇ ਨੂੰ ਅਗਲੀ ਵਾਰ ਖੋਲ੍ਹਣ ਲਈ ਪਾਸਵਰਡ ਦੀ ਜ਼ਰੂਰਤ ਪਵੇਗੀ। ਇਸ ਲਈ ਪਾਸਵਰਡ ਨੂੰ ਪੱਕੇ ਤੌਰ 'ਤੇ ਯਾਦ ਰੱਖ ਲਿਆ ਜਾਵੇ। ਇਹ ਪ੍ਰੋਗਰਾਮ ਇੱਕ ਟਰਾਇਲ ਸੰਸਕਰਨ ਹੈ। ਪਾਠਕ ਇੰਟਰਨੈੱਟ ਤੋਂ ਕਿਸੇ ਮੁਫ਼ਤ ਸਾਫ਼ਟਵੇਅਰ ਦੀ ਭਾਲ ਵੀ ਕਰ ਸਕਦੇ ਹਨ। (By: Punjabi University Patiala)